ਲੜਾਈ ਕਿਹੜੀ ਗੱਲ ਦੀ......
ਗੁਰਦੀਪ
ਸਿਆਣੇ
ਕਿਹਾ ਕਰਦੇ ਸਨ ਕਿ ਦੁਨੀਆ ਵਿੱਚ ਹਰ ਲੜਾਈ ਦੇ ਪਿਛੇ ਜਰ, ਜੋਰੂ, ਜ਼ਮੀਨ ਚੋਂ ਕੋਈ ਇੱਕ ਕਾਰਨ
ਹੁੰਦਾ ਹੈ। ਪਰ ਸੀਰੀਆ ਤੇ ਇਰਾਕ ਦੀ ਹਾਲਤ ਖਰਾਬ ਕਰਨ ਵਿਚ ਉਥੋਂ ਦੇ ਕੁਦਰਤੀ ਸੰਸਾਧਨ ਜਿੰਮੇਵਾਰ
ਹਨ। ਨਾ ਉਥੇ ਤੇਲ ਹੁੰਦਾ ਤੇ ਨਾ ਅਮਰੀਕੀ ਦੇਸ਼ਾਂ ਦੀ ਅੱਖ ਵਿੱਚ ਉਹ ਰੜਕਦੇ। ਅਮਰੀਕਾ ਸ਼ੁਰੂ ਤੋਂ
ਧਰਤੀ ਉਪਰ ਮੋਜੂਦ ਕੁਦਰਤੀ ਸੰਸਾਧਨਾਂ ਉਪਰ ਆਪਣਾ ਜਮਾਂਦਰੂ ਅਧਿਕਾਰ ਸਮਝਦਾ ਹੈ। ਇਰਾਕ ਨਾਲ ਅਸਲ
ਲੜਾਈ ਦਾ ਮੁੱਦਾ ਸਦਾਮ ਹੁਸੈਨ ਦੇ ਮਾਰੂ ਹਥਿਆਰ ਨਹੀਂ ਸਨ, ਸਗੋਂ ਉਥੋਂ ਦੇ ਤੇਲ ਖੂਹ ਸਨ ਜਿਨ੍ਹਾਂ
ਉਪਰ ਅਮੀਰਕੀ ਕੰਪਨੀਆਂ ਆਪਣਾ ਕਬਜ਼ਾ ਜਮਾਉਣਾ ਚਾਹੁੰਦੀਆਂ ਸਨ। ਇਸ ਵਾਸਤੇ ਇਨ੍ਹਾਂ ਨੇ ਅਫਗਾਨਿਸਤਾਨ
ਨੂੰ ਨਿਸ਼ਾਨਾ ਬਣਾਇਆ, ਫੇਰ ਇਰਾਕ ਤੇ ਉਸ ਤੋਂ ਬਾਦ ਲੀਬੀਆ ਤੇ ਉਸ ਤੋਂ ਬਾਦ ਸੀਰੀਆ ਦੀ ਵਾਰੀ ਆ
ਗਈ। ਸੀਰੀਆ ਵੀ ਤੇਲ ਪੈਦਾ ਕਰਨ ਵਾਲਾ ਦੇਸ਼ ਹੈ। ਅਸਲ ਲੜਾਈ ਦੁਨੀਆ ਵਿਚ ਤੇਲ ਦੇ ਭੰਡਾਂਰਾਂ ਉਪਰ
ਕਾਬਜ ਹੋਣਾ ਹੈ। ਮੁਸਲਾਮਾਨਾਂ ਦਾ ਤਾਂ ਬਹਾਨਾ ਹੈ। ਮੁਸਲਿਮ ਦੇਸ਼ ਤਾਂ ਅਰਬ ਦੇਸ਼ ਵੀ ਹਨ ਤੇ ਤੇਲ
ਭੰਡਾਰਾਂ ਵਿੱਚ ਉਹ ਵੀ ਬਹੁਤ ਅੱਗੇ ਹਨ। ਪਰ ਉਨ੍ਹਾਂ ਦੇਸ਼ਾਂ ਨੇ ਅਮਰੀਕਾ ਨਾਲ ਮਿਲ ਕੇ ਰਹਿਣ ਦੀ
ਜਾਚ ਸਿੱਖ ਲਈ ਹੈ, ਪਰ ਜਿਹੜੇ ਵੀ ਦੇਸ਼ਾਂ ਨੇ ਅਮਰੀਕਾ ਦੀ ਥਾਣੇਦਾਰੀ ਦਾ ਵਿਰੋਧ ਕੀਤਾ ਹੈ ਉਸ ਨੂੰ
ਤਬਾਹ ਕੀਤਾ ਗਿਆ ਹੈ। ਹਾਲੇ ਈਰਾਨ ਉਪਰ ਵੀ ਅਮਰੀਕਾ ਆਪਣਾ ਸ਼ਿਕੰਜਾ ਕਸਣਾ ਚਾਹੁੰਦਾ ਸੀ, ਪਰ ਈਰਾਨ
ਨੇ ਕੁਝ ਸ਼ਰਤਾਂ ਮੰਨ ਲਈਆਂ ਹਨ ਜੇ ਉਹ ਵੀ ਇਨ੍ਹਾਂ ਨੂੰ ਮੰਨਣੋਂ ਇਨਕਾਰ ਕਰ ਦਿੰਦਾ ਤਾਂ ਅਮਰੀਕਾ
ਨੇ ਉਸ ਦਾ ਹਾਲ ਵੀ ਇਰਾਕ ਵਾਲਾ ਕਰਨਾ ਸੀ।
ਇਸ
ਸਾਰੇ ਕੰਮ ਵਿਚ ਮੁਸਲਮਾਨਾਂ ਦੀ ਸਾਰੀ ਦੁਨੀਆ ਵਿੱਚ ਮਿੱਟੀ ਪੁੱਟੀ ਗਈ ਹੈ ਤੇ ਉਨ੍ਹਾ ਵਾਸਤੇ ਕਿਸੇ
ਵੀ ਦੇਸ਼ ਵਿੱਚ ਚੈਨ ਨਾਲ ਰਹਿਣਾ ਮੁਹਾਲ ਕੀਤਾ ਗਿਆ ਹੈ। ਕਿਸੇ ਨੇ ਹਾਲੇ ਤੱਕ ਅਮਰੀਕਾ ਨੂੰ ਪੁਛਿਆ
ਹੈ ਕਿ ਉਸ ਨੇ ਜੋ ਅਫਗਾਨਸਿਤਾਨ ਵਿੱਚ ਕੀਤਾ, ਇਰਾਕ ਵਿੱਚ ਕੀਤਾ, ਲੀਬੀਆ ਵਿੱਚ ਕੀਤਾ ਜਾਂ ਕਰਵਾਇਆ
ਉਸ ਦੀ ਉਸ ਨੂੰ ਕੀ ਸਜ਼ਾ ਦਿੱਤੀ ਜਾਵੇ। ਹਰ ਦੇਸ਼ ਵਿੱਚ ਉਪੱਦਰ ਕਰਨ ਤੋਂ ਬਾਦ ਉਸ ਵਿੱਚ ਆਪਣੇ
ਹਮਾਇਤੀਆਂ ਦੀ ਕਮਜ਼ੋਰ ਸਰਕਾਰ ਬਣਾ ਕੇ ਤੇਲ ਸਾਧਨਾਂ ਦੀ ਲੁੱਟ ਖਸੁੱਟ ਕੀਤੀ ਹੈ। ਕਦੇ ਉਹ
ਪਾਕਿਸਤਾਨ ਨੂੰ ਅਫਗਾਨਿਸਤਾਨ (ਸੋਵੀਅਤ ਪੱਖੀ) ਦੇ ਖਿਲਾਫ ਖੜ੍ਹਾ ਕਰਦਾ ਤੇ ਕਦੇ ਉਹ ਅਫਗਾਨਿਸਤਾਨ
ਚੋਂ ਪਾਕਿਸਤਾਨ ਦੇ ਖਿਲਾਫ ਕਾਰਵਾਈ ਕਰਦਾ ਹੈ। ਕਦੇ ਉਹ ਪਾਕਿਸਤਾਨ ਨੂੰ ਭਾਰਤ ਨਾਲ ਲੜਾਂਉਂਦਾ ਹੈ
ਤੇ ਕਦੇ ਪਾਕਿਸਤਾਨ ਵਿੱਚ ਦਹਿਸ਼ਤਗਰਦਾਂ ਨੂੰ ਖਤਮ ਕਰਨ ਦੀਆਂ ਧਮਕੀਆਂ ਦਿੰਦਾ ਹੈ।
ਅਮਰੀਕੀ
ਸਰਮਾਇਆਦਾਰੀ ਦੀਆਂ ਨੀਤੀਆਂ ਨੇ ਅਮੀਰਾਂ ਨੂੰ ਲਾਭ ਪੁਚਾਇਆ ਹੈ ਤੇ ਲੋਕਾਈ ਨੂੰ ਗੁਰਬਤ ਵੱਲ
ਧਕੇਲਿਆ ਹੈ। ਅੱਜ ਉਸ ਦੀ ਨਜ਼ਰ ਅਮਰੀਕਾ ਚੋਂ ਨਿਕਲ ਕੇ ਦੂਜੇ ਦੇਸ਼ਾਂ ਉਪਰ ਜਾ ਰਹੀ ਹੈ। ਉਹ ਸਿਰਫ
ਆਪਣੀ ਸਰਮਾਇਆਕਾਰੀ ਦਾ ਉਦਯੋਗ ਫੈਲਾਉਣਾ ਚਾਹੁੰਦਾ ਹੈ। ਕਿਵੇਂ ਸਾਰੇ ਦੇਸ਼ਾਂ ਦੇ ਕੁਦਰਤੀ ਸਾਧਨਾਂ
ਉਪਰ ਬਿਨਾਂ ਕੁਝ ਦਿੱਤਿਆਂ ਅਮਰੀਕਾ ਦਾ ਕਬਜ਼ਾ ਹੋ ਜਾਵੇ, ਇਹ ਉਸ ਦਾ ਸਰੋਕਾਰ ਹੈ। ਜੇ ਬਾਕੀ ਗੱਲਾਂ
ਇੱਕ ਪਾਸੇ ਰੱਖ ਦਿੱਤੀਆਂ ਜਾਣ, ਕਿਉਂ ਕਿ ਉਨ੍ਹਾਂ ਨਾਲ ਇੱਕ ਆਮ ਨਾਗਰਿਕ ਦਾ ਕੋਈ ਸਰੋਕਾਰ ਨਹੀਂ
ਹੁੰਦਾ, ਜਰਾ ਸੋਚ ਕੇ ਦੇਖੋ ਕਿ ਇਨ੍ਹਾਂ ਦੇਸ਼ਾਂ ਵਿੱਚ ਆਮ ਵਿਅਕਤੀ ਦਾ ਕੀ ਹਾਲ ਹੋਇਆ ਹੈ। ਉਸ ਦੇ
ਬੱਚਿਆਂ ਦੇ ਸਕੂਲ ਬੰਦ, ਉਸ ਲਈ ਸਿਹਤ ਸਹੂਲਤਾਂ ਖਤਮ, ਸੜਕਾਂ ਤੇ ਇਮਾਰਤਾਂ ਖੰਡਰ ਹੋ ਗਈਆਂ ਹਨ ਤੇ
ਵਸਦੇ ਰਸਦੇ ਸ਼ਹਿਰ ਕਬਰਾਂ ਵਿੱਚ ਬਦਲ ਦਿੱਤੇ ਗਏ ਹਨ। ਜਿਹੜੇ ਬੰਬ ਸੀਰੀਆ ਉਪਰ ਡੇਗੇ ਜਾ ਰਹੇ ਹਨ
ਕੀ ਉਹ ਆਈ ਐਸ ਆਈ ਐਸ ਨੂੰ ਲੱਭ ਲੱਭ ਕੇ ਮਾਰ ਰਹੇ ਹੋਣਗੇ? ਨਹੀਂ, ਹਜ਼ਾਰਾਂ ਬੇਗੁਨਾਹ ਲੋਕ ਮਾਰੇ
ਜਾ ਰਹੇ ਜਿਨ੍ਹਾਂ ਬਾਰੇ ਕਿਸੇ ਅਖਬਾਰ ਜਾਂ ਏਜੰਸੀ ਕੋਈ ਖਬਰ ਨਹੀਂ। ਜਿਨ੍ਹਾਂ ਲੋਕਾਂ ਦੇ ਘਰ ਉਜਾੜ
ਦਿੱਤੇ ਗਏ ਉਹ ਕਿਥੇ ਜਾਣ? ਕਦੇ ਕਿਸੇ ਨੇ ਉਨ੍ਹਾਂ ਬਾਰੇ ਸੋਚਿਆ ਹੈ? ਪੰਜਾਬੀ ਦਾ ਅਖਾਣ ਹੈ ਕਿ
ਮਰਦਾ ਕੀ ਨਹੀਂ ਕਰਦਾ?
ਦੁਨੀਆ ਨੂੰ ਨਸਲ, ਜਾਤ, ਰੰਗ, ਫਿਰਕੇ ਦੇ ਅਧਾਰ ਉਪਰ ਲੜਾਇਆ ਜਾ ਰਿਹਾ ਹੈ ਪਰ ਅਜਿਹਾ ਕੌਣ ਕਰ ਰਿਹਾ ਹੈ? ਕਿਸ ਨੇ ਇਸ ਦੀ ਸ਼ੁਰੂ ਆਤ ਕੀਤੀ ਹੈ? ਇਸ ਸੱਭ ਬਾਰੇ ਸੋਚਣ, ਸਮਝਣ ਦੀ ਜ਼ਰੂਰਤ ਹੈ। ਨਹੀਂ ਤਾਂ ਜਿਸ ਦਾ ਘਰ ਤੋੜਿਆ ਜਾ ਰਿਹਾ ਹੈ ਉਹ ਨਿਸ਼ਚੇ ਹੀ ਦਹਿਸ਼ਤ ਗਰਦ ਬਣਦਾ ਹੈ। ਅੱਤਵਾਦੀ ਕਿਸੇ ਮਾਂ ਦੀ ਕੁੱਖੋਂ ਨਹੀਂ ਜੰਮਦੇ। ਇਹ ਦੁਨੀਆ ਦਾ ਕਾਇਦਾ ਹੈ ਜਿਹੜਾ ਉਨ੍ਹਾਂ ਨੂੰ ਇਸ ਪੱਧਰ ਉਪਰ ਸੋਚਣ ਲਈ ਮਜ਼ਬੂਰ ਕਰਦਾ ਹੈ ਤੇ ਉਹ ਹੋਰ ਕੋਈ ਰਾਹ ਨਾ ਦਿੱਸਦਾ ਦੇਖ ਕੇ ਉਹ ਅੱਤਵਾਦ ਦੇ ਰਾਹ ਉਪਰ ਤੁਰ ਪੈਂਦਾ ਹੈ। ਜਿਨ੍ਹਾਂ ਦੀਆਂ ਜ਼ਮੀਨਾਂ ਖੋਹੀਆਂ ਗਈਆਂ, ਘਰ ਉਜਾੜ ਦਿਤੇ ਗਏ, ਹੱਥ ਬੇਰੁਜ਼ਗਾਰ ਕਰ ਦਿੱਤੇ ਗਏ, ਸਿਰਫ ਉਹ ਹੀ ਇਸ ਰਾਹ ਤੁਰਦੇ ਹਨ। ਪਹਿਲੀ ਲੜਾਈ ਕਦੇ ਵੀ ਧਰਮ ਦੀ ਨਹੀਂ ਹੁੰਦੀ, ਪਰ ਧਰਮ ਬਾਦ ਵਿੱਚ ਇਸ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ।
ਅੱਤਵਾਦ
ਦੀ ਜੜ੍ਹ ਧਰਮ ਜਾਂ ਧਾਰਮਕ ਵਿਤਕਰੇ ਦੀ ਜ਼ਮੀਨ ਉਪਰ ਨਹੀਂ ਤੁਰਦੀ ਸਗੋਂ ਆਰਥਕ ਮੰਦਹਾਲੀ ਉਸ ਵਾਸਤੇ
ਰਾਹ ਤਿਆਰ ਕਰਦੀ ਹੈ। ਇਸ ਲਇ ਦੇਸ਼ ਕੋਈ ਵੀ ਹੋਵੇ, ਆਰਥਕ ਲੁੱਟ ਖਸੁੱਟ ਬੰਦ ਹੋਣੀ ਚਾਹਿਦੀ ਹੈ ਤੇ
ਅਮਰੀਕਾ ਵਰਗੇ ਡਾਢੇ ਦੇਸ਼ ਦੀਆਂ ਸੌੜੀਆਂ ਸਿਆਸੀ ਤੇ ਆਰਥਕ ਨੀਤੀਆਂ ਨੂੰ ਨੱਥ ਪਾਉਣੀ ਚਾਹੀਦੀ ਹੈ। ਸਮੁੱਚੇ
ਸਰਮਾਇਆਦਾਰੀ ਨਿਜ਼ਾਮ ਵਿੱਚ ਮੁਨਾਫੇ ਦੀ ਅੰਨ੍ਹੀ ਦੌੜ ਬੰਦ ਕਰਕੇ ਮੁਸਲਿਮ ਦੇਸ਼ਾਂ ਦੇ ਆਰਥਕ
ਪਿਛੜੇਪਣ ਵਾਸਤੇ ਵਿਕਸਤ ਦੇਸ਼ਾਂ ਨੂੰ ਅੱਗੇ ਆਉਣਾ ਚਾਹੀਦਾ ਹੈ।