ਗੁਰਦੀਪ ਸਿੰਘ ਭਮਰਾ
ਘਰ ਜੀਆਂ ਨਾਲ ਹੁੰਦੇ ਹਨ। ਜੀਅ – ਜੀਅ ਜੁੜ ਕੇ ਪਰਵਾਰ ਬਣਦਾ ਹੈ। ਪਰਵਾਰ ਹੀ ਘਰ ਹੁੰਦਾ ਹੈ। ਪਰਵਾਰ ਤੋਂ
ਬਿਨਾਂ ਘਰ ਘਰ ਨਹੀਂ ਰਹਿੰਦਾ ਮਕਾਨ ਬਣ ਜਾਂਦਾ ਹੈ। ਇੱਟਾਂ ਵੱਟੇ ਜੁੜ ਕੇ ਮਕਾਨ ਤਾਂ ਬਣਾ ਸਕਦੇ
ਹਨ ਪਰ ਘਰ ਨਹੀਂ। ਘਰ ਦੀ ਮਜ਼ਬੂਤੀ ਪੱਕੀਆਂ ਨੀਹਾਂ ਤੇ ਸਰੀਆ ਸੀਮੈਂਟ ਦੇ ਕੰਕਰੀਟ ਨਾਲ ਨਹੀਂ ਮਾਪੀ
ਜਾਂਦੀ ਸਗੋਂ ਪਰਵਾਰ ਦੇ ਜੀਆਂ ਦੀ ਆਪਸੀ ਸਾਂਝ ਤੇ ਪਿਆਰ ਤੋਂ ਜਾਣੀ ਜਾਂਦੀ ਹੈ।
ਦੇਸ਼ ਵੀ ਉਸੇ ਤਰ੍ਹਾਂ ਹੀ ਹੁੰਦਾ ਹੈ। ਇਹ ਸਿਰਫ ਜ਼ਮੀਨ ਦਾ ਟੁਕੜਾ ਨਹੀਂ
ਹੁੰਦਾ ਸਗੋਂ ਉਸ ਟੁਕੜੇ ਦੇ ਵਸਨੀਕਾਂ ਤੋਂ ਹੀ ਜਾਣਿਆ ਜਾਂਦਾ ਹੈ। ਦੇਸ਼ ਲੋਕਾਂ ਨਾਲ ਬਣਦਾ ਹੈ।
ਦੇਸ਼ ਲੋਕਾਂ ਦੀ ਸਭਿਆਚਾਰ ਕ ਸਾਂਝ ਦਾ ਨਾਂ ਹੈ। ਦੇਸ਼ ਬੋਲੀ ਵਿੱਚ ਹੈ, ਦੇਸ਼ ਆਪਸੀ ਭਰਾਤਰੀ ਪਿਆਰ
ਵਿੱਚ ਹੈ। ਦੇਸ਼ ਇੱਕ ਦੂਜੇ ਨੂੰ ਸਮਝਣ ਦਾ ਨਾਂ ਹੈ। ਦੇਸ਼ ਸਾਂਝੇ ਇਤਿਹਾਸ ਦਾ ਨਾਂ ਹੈ, ਦੇਸ਼ ਦੇਸ਼
ਵਾਸੀਆਂ ਦੀ ਦੁੱਖ ਸੁਖ ਵਿੱਚ ਇੱਕ ਦੂਜੇ ਨਾਲ ਵਰਤੀ ਜਾਂਦੀ ਸਾਂਝ ਦਾ ਨਾਂ ਹੈ,
ਦੇਸ਼ ਸਾਂਝੀ ਸੋਚ ਦਾ ਨਾਂ ਹੈ, ਦੇਸ਼ ਆਪਸੀ ਵਿਸ਼ਵਾਸ ਦਾ ਨਾਂ ਹੈ। ਦੇਸ਼ ਆਪਸੀ
ਪਿਆਰ ਦਾ ਨਾਂ ਹੈ। ਦੇਸ਼ ਭਾਈ ਚਾਰੇ ਦਾ ਨਾਂ ਹੈ, ਦੇਸ਼ ਮੁਸੀਬਤ ਨਾਲ ਮਿਲ ਜੁਲ ਕੇ ਲੜਨ ਦਾ ਨਾਂ
ਹੈ। ਜਦੋਂ ਕੁਝ ਲੋਕ ਮਿਲ ਕੇ ਚਿੱਕੜ ਵਿੱਚ ਫਸੀ ਕਿਸੇ ਗੱਡੀ ਨੂੰ ਰਲ ਕੇ ਧੱਕਾ ਲਾ ਰਹੇ ਹੁੰਦੇ ਹਨ
ਤਾਂ ਉਹ ਦੇਸ਼ ਹੁੰਦੇ ਹਨ। ਜਦੋਂ ਲੋਕ ਇਕ ਦੂਜੇ ਦੇ ਗਲ ਲੱਗ ਕੇ ਰੋਂਦੇ ਹਨ ਤਾਂ ਉਹ ਦੇਸ਼ ਹੁੰਦੇ
ਹਨ। ਜਦੋਂ ਉਹ ਰਲ ਕੇ ਗਾਉਂਦੇ ਹਨ ਸੁਰ ਵਿਚ ਸੁਰ ਮਿਲਾ ਕੇ ਤਾਂ ਉਹ ਦੇਸ਼ ਹੁੰਦੇ ਹਨ। ਜਦੋਂ ਉਹ
ਕਦਮ ਨਾਲ ਕਦਮ ਮਿਲਾ ਕੇ ਨੱਚਦੇ ਹਨ ਤਾਂ ਦੇਸ਼ ਹੁੰਦੇ ਹਨ। ਇਹ ਉਨ੍ਹਾਂ ਦਾ ਭਾਈਚਾਰਾ ਹੈ ਜੋ
ਉਨ੍ਹਾਂ ਦੇ ਸਭਿਆਚਾਰ ਦਾ ਅਧਾਰ ਬਣਦਾ ਹੈ। ਉਹ ਮਿਲ ਜੁਲ ਕੇ ਇਸੇ ਸਭਿਆਚਾਰ ਉਪਰ ਆਪਣੇ ਕਰਮ ਦੇ
ਬੀਜ ਬੀਜਦੇ ਹਨ ਤੇ ਇਸੇ ਤੋਂ ਉਨ੍ਹਾਂ ਦੇ ਵਿਸ਼ਵਾਸ ਉਗੱਦੇ ਹਨ। ਖੁਸ਼ੀ ਦੇ ਫਲ ਲਗਦੇ ਹਨ।
ਦੇਸ਼ ਸਭਿਆਚਾਰ ਹੈ, ਦੇਸ਼ ਸਭਿਅਤਾ ਹੈ। ਦੇਸ਼ ਹੀ ਉਨ੍ਹਾਂ ਦਾ ਧਰਮ ਹੈ, ਦੇਸ਼
ਉਨ੍ਹਾਂ ਦੀ ਜੀਵਨ ਜਾਚ ਹੈ। ਦੇਸ਼ ਉਨ੍ਹਾਂ ਦੀ ਕਲਾ ਹੈ, ਦੇਸ਼ ਉਨ੍ਹਾਂ ਦਾ ਹੁਨਰ ਹੈ। ਦੇਸ਼ ਉਨ੍ਹਾਂ
ਦੀ ਰੋਟੀ ਹੈ, ਦੇਸ਼ ਉਨ੍ਹਾਂ ਦੀ ਰੋਜ਼ੀ ਹੈ। ਲੋਕ ਹੀ ਦੇਸ਼ ਹਨ ਤੇ ਦੇਸ਼ ਹੀ ਲੋਕ। ਦੇਸ਼ ਲੋਕਾਂ ਦਾ
ਕਰਮ ਹੁੰਦਾ ਹੈ ਤੇ ਆਪਣੇ ਕਰਮ ਉਪਰ ਮਾਣ ਕਰਨਾ ਸੁਭਾਵਕ ਤੌਰ ਤੇ ਦੇਸ਼ ਉਪਰ ਫਖਰ ਮਹਿਸੂਸ ਕਰਨਾ
ਹੁੰਦਾ ਹੈ। ਉਹ ਜੀਉਂਦੇ ਹਨ ਜੇ ਦੇਸ਼ ਜੀਉਂਦਾ ਹੈ। ਪਰ ਲੋਕਾਂ ਦੀ ਮੌਤ ਨਾਲ ਦੇਸ਼ ਦੀ ਮੋਤ ਵੀ ਹੋ
ਜਾਂਦੀ ਹੈ। ਇਸ ਦੇਸ਼ ਨੂੰ ਜ਼ਿੰਦਾ ਰੱਖਣ ਦਾ ਨਾਂ ਹੀ ਤਾਂ ਦੇਸ਼ ਪਿਆਰ ਹੈ। ਇਹ ਇੱਕ ਨਾਅਰਾ ਨਹੀਂ
ਸਗੋਂ ਇੱਕ ਭਾਵਨਾ ਹੈ।
ਦੇਸ਼ ਧ੍ਰੋਹੀ ਹੈ ਹਰ ਅਜਿਹਾ ਵਿਅਕਤੀ ਜੋ ਇਸ ਤਰ੍ਹਾਂ ਦੇਸ਼ ਨੂੰ ਖੁਆਰ ਕਰਨਾ
ਚਾਹੁੰਦਾ ਹੈ, ਜੋ ਇਸ ਸਾਂਝ ਨੂੰ ਆਪਣੇ ਨਿੱਜੀ ਸਵਾਰਥ ਲਈ ਵਰਤਣਾ ਚਾਹੁੰਦਾ ਹੈ; ਜੋ ਅਜਿਹੇ ਦੇਸ਼
ਦੇ ਲੋਕਾਂ ਨੂੰ ਬੇਦਖਲ ਕਰਕੇ ਉਨ੍ਹਾਂ ਦੀ ਸੋਚ, ਉਨ੍ਹਾਂ ਦੇ ਪੈਰਾਂ ਹੇਠਲੀ ਜ਼ਮੀਨ, ਤੇ ਸਿਰ ਉਪਰਲੀ
ਛੱਤ ਉਪਰ ਕਬਜ਼ਾ ਕਰਨਾ ਚਾਹੁੰਦਾ ਹੈ। ਦੇਸ਼ ਧ੍ਰੋਹੀ ਹੈ ਹਰ ਉਹ ਵਿਅਕਤੀ ਜੋ ਲੋਕਾਂ ਦੇ ਮੂੰਹ ਚੋਂ
ਰੋਟੀ ਖੋਹਣਾ ਚਾਹੁੰਦਾ ਹੈ, ਜੋ ਉਨ੍ਹਾਂ ਨੂੰ ਭੁੱਖੇ ਰਹਿਣ ਉਪਰ ਮਜ਼ਬੂਰ ਕਰਦਾ ਹੈ ਜਾਂ ਉਹ ਲੋਕਾਂ
ਨੂੰ ਆਪਣੇ ਹੁਕਮ ਦੇ ਅਧੀਨ ਕਰਨਾ ਚਾਹੁੰਦਾ ਹੈ ਤੇ ਇਸ ਵਾਸਤੇ ਉਹ ਸਾਮ ਦੰਡ ਭੇਦ ਦੀ ਨੀਤੀ ਵਰਤਣ
ਦੀ ਕੋਸ਼ਿਸ਼ ਕਰਦਾ ਹੈ।
ਜ਼ਮੀਨ ਦੇ ਟੁਕੜੇ ਛੋਟੇ ਹੋ ਜਾਣ ਨਾਲ ਦੇਸ਼ ਨਹੀਂ ਵੰਡੇ ਜਾਂਦੇ। ਇਹ ਵੰਡੀਆਂ
ਜਾਂ ਵਿਸਤਾਰ ਸਦੀਵੀ ਨਹੀਂ ਹੁੰਦੀਆਂ। ਇਤਿਹਾਸ ਵਿੱਚ ਕਿਸੇ ਦੇਸ਼ ਦਾ ਨਕਸ਼ਾ ਸ਼ੁਰੂ ਤੋਂ ਲੈ ਕੇ ਹੁਣ
ਤੱਕ ਇੱਕੋ ਜਿਹਾ ਨਹੀਂ ਰਿਹਾ। ਨਕਸ਼ੇ ਬਦਲਦੇ ਰਹਿੰਦੇ ਹਨ। ਨਕਸ਼ਿਆਂ ਦਾ ਬਦਲ ਜਾਣਾ ਸੁਭਾਵਕ ਹੈ।
ਰੂਸ ਦਾ ਨਕਸ਼ਾ ਉਹ ਨਹੀਂ ਰਿਹਾ ਜੋ ਕੁਝ ਦਹਾਕੇ ਪਹਿਲਾਂ ਸੀ। ਪਾਕਿਸਤਾਨ ਦਾ ਨਕਸ਼ਾ ਵੀ ਬਦਲ ਗਿਆ
ਹੈ। ਪਿਛੇਲ ਪੰਜਾਹ ਸਾਲਾਂ ਵਿੱਚ ਦੁਨੀਆ ਦੇ ਕਈ ਦੇਸ਼ਾਂ ਦੇ ਨਕਸ਼ੇ ਬਦਲ ਗਏ ਹਨ। ਕਈਆਂ ਦੇ ਨਾਂ ਬਦਲ
ਗਏ ਹਨ, ਕਈਆਂ ਦਾ ਅਕਾਰ ਬਦਲ ਗਿਆ ਹੈ। ਕਈ ਨਵੇਂ ਨਾਂ ਦੁਨੀਆ ਦੇ ਨਕਸ਼ੇ ਉਪਰ ਉਭਰ ਆਏ ਹਨ, ਪਰ ਇਸ
ਨਾਲ ਦੁਨੀਆ ਕੋਈ ਛੋਟੀ ਨਹੀਂ ਹੋ ਗਈ। ਦੇਸ਼ ਨਹੀਂ ਟੁੱਟੇ। ਦੇਸ਼ ਕਾਇਮ ਹਨ।
ਭਾਰਤ ਇੱਕ ਵਿਸ਼ਾਲ ਦੇਸ਼ ਹੈ। ਇਹ ਆਪਣੀ ਜ਼ਮੀਨੀ ਕਰਕੇ ਨਹੀਂ ਆਪਣੀ ਸੋਚ ਕਰਕੇ
ਵੀ ਜਾਣਿਆ ਜਾਂਦਾ ਹੈ। ਸੱਭ ਜਾਂਣਦੇ ਹਨ ਕਿ ਭਾਰਤੀ ਸਭਿਅਤਾ ਦੀ ਇੱਕ ਵੱਖਰੀ ਪਛਾਣ ਹੈ, ਇਸ ਦਾ
ਸਭਿਆਚਾਰ ਦੁਨੀਆ ਵਿੱਚ ਆਪਣੇ ਤੋਰ ਤੇ ਜਾਣਿਆ ਜਾਂਦਾ ਹੈ, ਜਿਸ ਦੇ ਬਾਰੇ ਡਾ: ਇਕਬਾਲ ਨੇ ਕਿਹਾ –
ਕੁਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ
ਸਦੀਉਂ ਰਹਾ ਹੈ ਦੁਸ਼ਮਣ ਦੌਰੇ ਜ਼ਮਾਂ ਹਮਾਰਾ।
ਯੂਨਾਨੋਂ ਮਿਸਰੋ ਰੋਮਾਂ ਸੱਭ ਮਿਟ ਗਏ ਜਹਾਂ ਸੇ
ਅਬ ਤੱਕ ਮਗਰ ਹੈ ਬਾਕੀ ਨਾਮੋ ਨਿਸ਼ਾਂ ਹਮਾਰਾ।
ਮੇਰੀ ਜਾਚੇ ਨਕਸ਼ਿਆਂ ਨਾਲੋਂ ਦੇਸ਼ ਦੀ ਪਰਵਾਹ ਕੀਤੀ ਜਾਣੀ ਚਾਹਿਦੀ ਹੈ।
ਨਕਸ਼ੇ ਆਪਣੀ ਥਾਂ ਠੀਕ ਹਨ। ਇਹ ਕਿਸੇ ਦੇਸ਼ ਦੀ ਜ਼ਮੀਨ ਨੂੰ ਦਰਸਾਉਂਦੇ ਹਨ, ਪਰ ਇਨ੍ਹਾਂ ਨਾਲੋਂ
ਲੋਕਾਂ ਦੀ ਚਿੰਤਾ ਕਰਨੀ ਬਣਦੀ ਹੈ। ਜੇ ਲੋਕ ਹੀ ਨਾ ਰਹੇ, ਜੇ ਉਨ੍ਹਾਂ ਅੰਦਰਲੀ ਉਹ ਭਾਵਨਾ ਹੀ ਮਰ
ਗਈ ਜੋ ਜ਼ਮੀਨ ਨੂੰ ਦੇਸ਼ ਬਣਾਉਂਦੀ ਹੈ, ਤਾਂ ਨਕਸ਼ਿਆਂ ਦੀ ਹੱਦਬੰਦੀ ਕਿਸੇ ਕੰਮ ਦੀ ਨਹੀਂ। ਇਹ ਮਹਿਜ਼
ਤਸਵੀਰ ਤਾਂ ਹੋ ਸਕਦੇ ਹਨ ਪਰ ਲੋਕਾਂ ਪਛਾਣ ਨਹੀਂ।
ਕਿਸੇ ਦੇਸ਼ ਦੀ ਪਛਾਣ ਲੋਕ ਹਨ, ਲੋਕਾਂ ਦੀ ਆਪਸੀ ਸਾਂਝ ਹੈ, ਆਪਸੀ ਭਾਈਚਾਰਾ
ਹੈ, ਆਪਸੀ ਪਿਆਰ- ਪ੍ਰੇਮ ਤੇ ਸਨੇਹ ਹੈ, ਆਪਸੀ ਵਿਸ਼ਵਾਸ ਤੇ ਭਰੋਸਾ ਹੈ, ਦੂਜਿਆਂ ਦੇ ਕੰਮ ਆਉਣ ਦਾ
ਸ਼ੌਕ ਹੈ, ਕੁਰਬਾਨੀ ਦਾ ਜਜ਼ਬਾ ਹੈ, ਆਪਣੀ ਬੋਲੀ ਨਾਲ ਪਿਆਰ ਹੈ ਤੇ ਮਿਲ ਕੇ ਤੁਰਨ ਦੀ ਭਾਵਨਾ ਹੈ।
ਇਹ ਸੱਭ ਕੁਝ ਨਕਸ਼ਿਆਂ ਤੋਂ ਵੀ ਉੱਪਰ ਹੈ। ਜੇ ਲੋਕ ਜੀਉਂਦੇ ਹਨ ਤਾਂ ਦੇਸ਼ ਜੀਉਂਦਾ ਹੈ। ਨਕਸ਼ਿਆਂ ਦਾ
ਕੀ ਹੈ, ਲੋਕ ਚਾਹੁਣ ਤਾਂ ਨਵੇਂ ਨਕਸ਼ੇ ਉਲੀਕ ਲੈਂਦੇ ਹਨ, ਪੁਰਾਣੀਆਂ ਹੱਦਬੰਦੀਆਂ ਢਾਹ ਦਿੰਦੇ ਹਨ,
ਸਰਹੱਦਾਂ ਖਾਰਜ ਕਰ ਦਿੰਦੇ ਹਨ। ਤੁਸੀਂ ਵੇਖਿਆ ਜਰਮਨੀ ਦੇ ਸਬੰਧ ਵਿੱਚ ਅਜਿਹਾ ਹੁੰਦਾ, ਤੁਸੀਂ ਇਸ
ਦੇ ਗਵਾਹ ਹੋ ਨਾ।